“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Thursday, August 12, 2010

ਹੱਸਦਾ-ਵੱਸਦਾ ਰਹੇ ਪੰਜਾਬ

ਦੁਨੀਆ ਕਿੰਨੀ ਖੂਬਸੂਰਤ ਹੈ
ਕਿਤੇ ਕਿਤੇ
ਜਿੰਦਗੀ ਕਿੰਨੀ ਖੁਸ਼ਹਾਲ।
ਸੱਚ ਹੈ-
ਮਨੁੱਖ ਕਦੇ ਕੁਦਰਤ ਦੇ ਰਹਿਮੋ-ਕਰਮ ਤੇ ਸੀ
ਤੇ ਆਖਰ-
ਤਜਰਬਾ ਗਿਆਣ ਬਣਦਾ ਗਿਆ,
ਮਨੁੱਖ ਮਹਾਨ ਬਣਦਾ ਗਿਆ।
ਉਨ੍ਹੇ ਧਰਤੀ ਗਾਹ ਮਾਰੀ
ਪਾਣੀ ਪੁਣ ਘੱਤੇ,
ਅੰਬਰ ਛਾਣ ਦਿੱਤਾ
ਤੇ
ਇਕ ਹੋਰ ਪੁਲਾਂਘ ਪੁੱਟ
ਚੰਨ-ਤਾਰੇ ਵੀ ਛੂਹ ਲਏ।
ਮਨੁਖ ਆਪਣੀ ਪ੍ਰਾਪਤੀ ਨੂੰ ਵੇਖ ਕੇ
ਖੁੱਦ ਚਕਾਚੌਧ ਹੋ ਉਠਦੈ।
ਸਵਰਗਾਂ-ਨਰਕਾਂ ਦੇ ਝੱਗੜੇ ਝੇੜਿਆਂ ‘ਚ
ਵੰਡੀ ਦੁਨੀਆ ਨੂੰ
ਮਨੁੱਖ ਦੀ ਰਚਨਾ ਨੰਗੀ ਅੱਖ ਨਜਰ ਪੇਂਦੀ ਹੈ।
ਜਦ ਸੱਚ ਦੀ ਅੱਖ
ਪੰਜਾਬ ਦੀ ਫੋਲਾ ਫਾਲੀ ਕਰਦੀ ਹੈ
ਤਾਂ ਸੱਚ ਬਹੁਤ ਕੌੜਾ ਲੱਗਦੈ।
ਪੰਜਾਂ ਦਰਿਆਂਵਾਂ ਦੀ ਧਰਤੀ
ਪਹਿਲਾਂ ’47’ ‘ਚ ਲਹੂ-ਲੁਹਾਣ ਕੀਤੀ ਗਈ
ਇਹਦੇ ਜੇਹਲਮ, ਰਾਵੀ, ਝਨਾਂ
ਤੇ ਸਤਲੁਜ, ਬਿਆਸ ਵਿਚ
ਲਕੀਰ ਖਿੱਚੀ ਗਈ
ਇਹਦੇ ਵਸਨੀਕ ਪੰਜਾਬੀ ਨਾ ਹੋ ਕੇ
ਹਿੰਦੂ, ਸਿੱਖ ਤੇ ਮੁਸਲਮਾਨ ਹੋ ਗਏ,
ਪੰਜਾਬ ਦੀਆਂ ਧੀਆਂ ਦੋਵੀਂ ਪਾਸੀ
ਬੇਪਤ ਕੀਤੀਆਂ ਗਈਆਂ।
ਕਾਵਿਕ ਮਨ ਕੁਰਲਾ ਉਠੇ,
ਅਮ੍ਰਿਤਾ ਨੇ ਵਾਰਸ ਨੂੰ ਯਾਦ ਕਰਕੇ
ਲਿਖਿਆ
“ਇਕ ਰੋਈ ਸੀ ਧੀ ਪੰਜਾਬ ਦੀ,
ਤੂੰ ਲਿਖ-ਲਿਖ ਮਾਰੇ ਵੈਣ,
ਅੱਜ ਲੱਖਾਂ ਦੀਆਂ ਰੋਂਦੀਆਂ
ਤੈਨੂੰ ਵਾਰਸ ਸ਼ਾਹ ਨੂੰ ਕਹਿਣ,
ਉਠ ਦਰਦਮੰਦਾਂ ਦਿਆ ਦਰਦੀਆ
ਉਠ ਤੱਕ ਆਪਣਾ ਪੰਜਾਬ”
ਪੰਜਾਬ ਦੀ ਹਿੱਕ ‘ਤੇ
ਏਹਦੇ ਸੱਭਿਆਚਾਰ ਦਾ ਕਤਲਿਆਮ ਹੋਇਆ,
ਗਿਧੇ, ਭੰਗੜੇ, ਕਵਾਲੀਆਂ ਨੁੱਕਰੀ ਲੱਗ ਗਏ।
ਬੱਸ ਨਫਰਤਾਂ ਦੇ ਬੋਲ
ਧਾਹਾਂ ਤੇ ਕੁਰਲਾਟਾਂ
ਧੂੰਆ ਤੇ ਅੱਗ ਬਣ ਉੱਠੀਆਂ।
ਲੁੱਟ ਦੇ ਮਾਲਕਾਂ ਦੀ ਪੁੱਗੀ,
ਵੰਡ ਪੱਕੀ ਹੋ ਗਈ।
ਸਮਾਂ ਪਾ ਕੇ ਜਨੂੰਨ ਠੰਡਾ ਪੈਣ ਲੱਗਾ
ਹੈਵਾਨਗੀ ਅਲੋਪ ਹੋ
ਮਨੁੱਖ ਵਿਚ ਮਨੁੱਖਤਾ ਪਰਤਣ ਲੱਗੀ।
ਸਮੇ ਨੇ ਪੰਜਾਬ ਦੇ ਜਖਮ ਭਰਨੇ
ਸੁਰੂ ਕੀਤੇ।
ਨਵੇਂ ਰਚਨਾਤਮਕ ਕੰਮ ਤੁਰੇ
ਬਚੇ ਖੁਚੇ ਪੰਜਾਬ ਦੇ ਸਭਿਆਚਾਰ ਵਿਚ,
ਸਾਹਿਤ ਨੇ ਨਵਾਂ ਖੂਨ ਭਰਨਾ ਸ਼ੁਰੂ ਕੀਤਾ।
“ਭਾਖੜੇ ਤੋਂ ਆੳਂੁਦੀ ਮੁਟਿਆਰ ਨੱਚਦੀ
ਚੰਦ ਨਾਲੋਂ ਗੋਰੀ ਉੱਤੇ ਚੁੰਨੀ ਸੁੱਚੇ ਕੱਚ ਦੀ”
ਜਿਹੇ ਮਿੱਠੇ ਪਿਆਰੇ ਬੋਲ ਗੂੰਜਣ ਲੱਗੇ।
ਪੰਜਾਬ ਦੀ ਮਨੁੱਖਾ ਸ਼ਕਤੀ ਨੇ
ਇਹਦੇ ਅਮੀਰ ਕੁਦਰਤੀ ਸਾਧਨਾਂ ਦੀ,
ਐਸੀ ਨੁਹਾਰ ਬਦਲੀ ਕਿ
ਧਰਤੀ ਦਾ ਚੱਪਾ ਚੱਪਾ ਤਾਲ ਦੇ ਉਠਿਆ
ਬੈਲਾਂ ਦੀਆਂ ਜੋੜੀਆਂ ਦੇ ਗਲ,
ਟੱਲੀਆਂ ਦੀ ਟਣ-ਟਣ ਦੀ ਥਾਂ
ਟਰੈਕਟਰਾਂ, ਕੰਬਾਈਨਾਂ ਦੀ ਘੰ-ਘੰ ਤੇ
ਖੜਖੜਾਹਟ ਨੇ ਮਲੀ ।
ਨਵੇਂ ਬੀਜ,ਨਵੇਂ ਸੰਦ, ਨਵਾਂ ਹੁਨਰ,
ਪੰਜਾਬ ਅੰਨ ਭੰਡਾਰ ਵਿਚ
ਨਵੇਂ ਸਾਲ, ਨਵਾਂ ਰਿਕਾਰਡ ਦੇਣ ਲੱਗਾ
ਪਰ ਕੁਦਰਤ ਦੇ ਨਿਯਮ
ਭੋਂ ਖਿੱਚ ਕੇ ਵਧਾਈ ਨਹੀਂ ਜਾ ਸਕਦੀ,
ਸਾਡੇ ਪਿਤਰੀ ਰਿਵਾਜ,
ਪੁਸ਼ਤ-ਦਰ-ਪੁਸ਼ਤ ਵੰਡ ਨੇ,
ਖੇਤ ਛੋਟੇ ਕਰ ਦਿੱਤੇ
ਖੇਤੀ ਕਿੱਤੇ ਤੇ ਮਸ਼ੀਨਰੀ ਆਉਂਦੀ ਗਈ
ਲੋਕ ਬੇਕਾਰ ਹੁੰਦੇ ਗਏ
ਛੋਟੇ ਮਾਲਕ ਭੋਂ ਵੱਡੇ ਨੂੰ ਦੇ,
ਬੇਕਾਰੀ ਵਿਚ ਵਾਧਾ ਕਰਨ ਲੱਗੇ
ਦੇਸ਼ ਦੇ ਰਹਿਬਰ
ਬਦਲਵੇਂ ਕੰਮ ਦੇਣ ਦੀ ਥਾਂ
ਭੋਂ ਤੇ ਭਾਰ ਵਧਾਉਣ ਲਈ
“ਤੇਰੀ ਘਰੇ ਨੋਕਰੀ
ਡੂੰਘਾ ਵਾਹ ਲੈ ਹਲ ਵੇ”
ਪ੍ਰਚਾਰਦੇ ਰਹੇ
ਦੇਖਦੇ ਹੀ ਦੇਖਦੇ ਸਾਡੇ ਪੇਂਡੂ ਖੇਤਰ ‘ਚੋਂ
ਭੋਂ ਦਾਰਾਂ ਦੀ ਇਕ ਨਵੀਂ ਅਵਾਜ ਉੱਠੀ
ਉਹ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਲਈ,
ਛੋਟੇ ਨੂੰ ਉਜਾੜ ਕੇ ਵੱਡੇ ਫਾਰਮ ਬਣਾਉਣ ਲਈ,
ਥਰਲੋ-ਮੱਛੀ ਹੋਣ ਲੱਗੀ,
ਉਹਨਾ ਆਪਣੇ ਸਿਆਸੀ ਮਨੋਰਥ ਲਈ
ਸਮਾਜਿਕ ਸੁਧਾਰਾਂ ਦੇ ਨਾਂ ਹੇਠ
ਧਰਮ ਦੇ ਬੁਰਕੇ ‘ਚ ਮਤਾ ਪਕਾਇਆ
ਫਿਰ ਇਕ ਅਜਿਹਾ ਵਾ-ਵਰੋਲਾ ਖੜਾ ਕੀਤਾ,
ਲੋਕ ਫਿਰ ਭੈ ਭੀਤ ਹੋਣ ਲਗੇ।
ਪੰਜਾਬ ਦੇ ਅੱਲੇ ਜਖਮਾਂ ‘ਤੇ ਆਏ
ਅੰਗੂਰਾਂ ਨੂੰ
ਫਿਰ ਵਲੂੰਧਰਿਆ ਗਿਆ।
ਟੁੱਟ ਰਹੀ ਕਿਸਾਨੀ ਦੇ ਪੁੱਤਰਾਂ ਦੇ ਹੱਥ
‘ਸੰਤਾਲੀ’ ਦੇ ਬਰਛੇ ਤੇ ਤਲਵਾਰ ਦੀ ਥਾਂ
‘ਸੰਤਾਲੀ’ ਫੜਾ ਦਿੱਤੀ
ਉਸਦੀਆਂ ਜੇਬਾਂ ‘ਚ ਬਾਰੂਦ ਭਰ ਦਿੱਤਾ
ਹਿੰਦੂ ਤੇ ਸਿੱਖ ਦਾ ਘਾਣ ਕਰਾਇਆ,
ਪੰਜਾਬੀਅਤ ਨੂੰ ਬਰਫ ‘ਚ ਲਾਇਆ।
ਫਿਰਕੂ ਜਨੂੰਨ ਦੇ ਭੂਤ,
ਵਰਤਮਾਨ ਤੋ
ਲੋਕਾਈ ਲਹੂ ਦਾ ਰੰਗ ਪੁੱਛਦੀ ਹੈ
ਲਹੂ ਦਾ ਰੰਗ ਲਾਲ ਹੈ
‘ਮੁਕਤਸਰ’ ਬੱਸ-ਕਾਂਡ ਹੋਵੇ ਜਾਂ
‘ਲਾਲੜੂ’
ਦਿੱਲੀ ਦੇ ਦੰਗੇ ਹੋਣ ਜਾਂ
ਕੋਈ ਫਿਰਕੂ ਫਸਾਦ।
ਮਾਨਵਤਾ ਫਿਰ ਹੋਕਾ ਦਿੰਦੀ ਹੈ
ਮਾਸ਼ਾਲਾਂ ਬਾਲ ਕੇ ਚੱਲਣਾ
ਜਦੋਂ ਤੱਕ ਰਾਤ ਬਾਕੀ ਹੈ
ਹੱਸਦਾ-ਵੱਸਦਾ ਰਹੇ ਪੰਜਾਬ,ਪੰਜਾਬ ਦੇ ਹਿਤੈਸ਼ੀਓ
ਸਾਵਧਾਨ..
ਹੋਸ਼ਿਆਰ ਰਹੋ ਪਹਿਰੇ ਦੇਂਦੇ ਚੱਲਣੈ
ਜਦੋਂ ਤੱਕ ਰਾਤ ਬਾਕੀ ਹੈ’
ਜਦੋਂ ਤੱਕ ਰਾਤ ਬਾਕੀ ਹੈ।

-ਜਗਰੂਪ ਸਿੰਘ

Wednesday, August 11, 2010

ਉੱਠੋ-ਉੱਠੋ ਨੌਜਵਾਨੋ ਲਲਕਾਰ ਬਣਕੇ

ਉੱਠੋ-ਉੱਠੋ ਨੌਜਵਾਨੋ

ਉੱਠੋ-ਉੱਠੋ ਨੌਜਵਾਨੋ ਲਲਕਾਰ ਬਣਕੇ
ਤੁਸੀੰ ਭਗਤ, ਸਰਾਭੇ ਦੇ ਵਿਚਾਰ ਬਣਕੇ
ਉੱਠੋ-ਉੱਠੋ ਨੌਜਵਾਨੋ...................

ਏਦਾਂ ਸੁੱਤਿਆਂ ਤਾਂ ਵੇਲੇ ਹੁਣ ਲੰਘਣੇ ਨਹੀੰ
ਹੱਕ ਮਿਲਣੇ ਨਹੀੰ ਜੇ ਤੁਸਾਂ ਮੰਗਣੇ ਨਹੀੰ
ਪੈਣਾ ਜਾਗਣਾ ਹੱਕਾਂ ਦੇ ਪਹਿਰੇਦਾਰ ਬਣਕੇ
ਉੱਠੋ-ਉੱਠੋ ਨੌਜਵਾਨੋ.................

ਮਨਵਾਉਣੀਆਂ ਇਹ ਮੰਗਾਂ ਕੋਈ ਔਖੀ ਗੱਲ ਨਹੀੰ
ਨੱਕ ਵਿੱਚ ਦਮ ਕੀਤੇ ਬਿਨਾ ਹੋਣਾ ਹੱਲ ਨਹੀੰ
ਖੜ੍ਹ ਜਾਵੋ ਹਾਕਮਾ ਦੇ ਲਈ ਵੰਗਾਰ ਬਣਕੇ
ਉੱਠੋ-ਉੱਠੋ ਨੌਜਵਾਨੋ...................

ਮੰਜਲਾਂ ਨੂੰ ਸਰ ਕਰਨਾ ਜਵਾਨੀਆਂ ਦਾ ਕੰਮ
ਦੱਸੋ ਹੋਰ ਕਿੰਨਾ ਚਿਰ ਹੈ ਲੁਹਾਉਂਦੇ ਰਹਿਣਾ ਚੰਮ
ਭੀਖ ਵਾਂਗੂ ਨਹੀੰ ਮੰਗੋ ਦਾਅਵੇਦਾਰ ਬਣਕੇ
ਤੁਸੀੰ ਭਗਤ, ਸਰਾਭੇ ਦੇ ਵਿਚਾਰ ਬਣਕੇ
ਉੱਠੋ-ਉੱਠੋ ਨੌਜਵਾਨੋ...................

ਨਾਅਰੇ ਕਰ ਦਿਓ ਬੁਲੰਦ ਕੰਬ ਜਾਣ ਸਰਕਾਰਾਂ
ਗਿਣੇ ਜਾਂਦੇ ਓ ਤੁਸੀੰ ਵੀ ਵਿੱਚ ਬੇਰੁਜ਼ਗਾਰਾਂ
ਬੈਠ 'ਖੁਰਮੀ' ਨਾ ਤੂੰ ਵੀ ਲਾਚਾਰ ਬਣਕੇ
ਉੱਠੋ-ਉੱਠੋ ਨੌਜਵਾਨੋ.................


- ਮਨਦੀਪ ਖੁਰਮੀ

Tuesday, August 10, 2010

ਜ਼ੋਰ ਨ, ਜੁਗਤੀ ਛੁਟੇ ਸੰਸਾਰ …. ਜਗਰੂਪ ਸਿੰਘ

'ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ' ਵਿਚ ਕੁੱਦੇ ਸਾਥੀਓ ਸਮੇਂ ਨੇ ਤੁਹਾਡੇ ਉੱਪਰ ਜ਼ੁੰਮੇਵਾਰੀ ਪਾਈ ਹੈ। ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀ ਕਿਸ ਕਦਰ ਇਹ ਜ਼ੁੰਮੇਵਾਰੀ ਨਿਭਾਉਂਦੇ ਹੋ। ਜ਼ੁੰਮੇਵਾਰੀ ਨਿਭਾਉਣ ਵਿਚ ਅਸਫਲਤਾ ਸਮਾਜਿਕ ਬਰਬਾਦੀ ਨੂੰ ਸੱਦਾ ਦੇਣ, ਸਵੀਕਾਰ ਕਰਨ ਬਰਾਬਰ ਹੋਵੇਗਾ। ਅਸਫਲਤਾ ਸਵੀਕਾਰ ਨਹੀਂ, ਅਸੀ ਕਾਮਯਾਬ ਹੋਣਾ ਹੈ। ਕਾਮਯਾਬ ਹੋਣ ਲਈ ਜਰੂਰੀ ਹੈ ਕਿ ਅਸੀਂ ਸਮਾਜ ਨੂੰ ਅਗਵਾਈ ਦੇਣ ਯੋਗ ਆਗੂ ਟੀਮ ਦੀ ਉਸਾਰੀ ਕਰੀਏ। ਅਜਿਹੀ ਆਗੂ ਟੀਮ ਜੋ ਲੋਕਾਂ ਦਾ ਵਿਸ਼ਵਾਸ ਜਿੱਤ ਸਕੇ। ਲੋਕਾਂ ਦਾ ਯਕੀਨ ਜਿੱਤਣ ਲਈ, ਸਾਡੇ ਆਗੂ ਸਾਥੀਆਂ ਵਿੱਚ ਕੁਝ ਵਿਸ਼ੇਸ ਗੁਣ ਜਰੂਰੀ ਹਨ, ਜਿਨ੍ਹਾਂ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ। ਆਗੂ ਜਿਸਦਾ ਮਤਲਬ ਹੈ ਕਿ ਅਗਵਾਈ ਕਰਨਾ , ਅੱਗੇ ਲੱਗ ਕੇ ਤੁਰਨਾ, ਕੇਵਲ ਅੱਗੇ ਚੱਲਣਾ ਨਹੀਂ, ਸਗੋਂ ਮੁਸ਼ਕਲ ਵਿਚੋਂ ਕੱਢਣ ਲਈ ਰਾਹ ਦਰਸਾਵੇ ਬਣ ਕੇ ਅੱਗੇ ਚੱਲਣਾ ਹੈ।
ਹਕੂਮਤੀ ਕਥਨ ਹੈ: 'ਬੰਦਾ ਆਪਣੇ ਤੋਂ ਮੂਰਖਾਂ ਦਾ ਹੀ ਆਗੂ ਬਣ ਸਕਦਾ ਹੈ' ਅਸੀ ਇਸ ਤੋਂ
ਵੱਖਰੀ ਤਰ੍ਹਾਂ ਚੱਲਾਂਗੇ। ਸਾਡਾ ਆਗੂ ਉਹ ਹੈ ਜੋ ਬਰਾਬਰ ਦਿਆਂ ਸਾਥੀਆਂ ਵਿਚੋਂ, ਸਮੇਂ ਦੀਆਂ ਸਮਾਜਿਕ
ਲੋੜਾਂ ਨੂੰ ਦੂਜਿਆਂ ਨਾਲੋਂ ਵਧੇਰੇ ਸਪੱਸ਼ਟ ਅਤੇ ਵਧੇਰੇ ਬਾਰੀਕੀ ਵਿੱਚ ਜਾਣਦਾ ਹੋਵੇ। ਉਹ ਉਨ੍ਹਾਂ ਨੂੰ ਦੂਜਿਆਂ ਨਾਲੋਂ ਵਧੇਰੇ ਸਪੱਸ਼ਟ ਰੂਪ ਵਿਚ ਲਿਖਤ ਰਾਹੀਂ ਜਾਂ ਬੋਲ ਕੇ ਲੋਕਾਂ ਅੱਗੇ ਰੱਖ ਸਕਦਾ ਹੋਵੇ। ਭਾਵ ਸਮੱਸਿਆਵਾਂ ਦੇ ਵਿਖਿਆਨ ਅਤੇ ਉਨ੍ਹਾਂ ਦਾ ਹੱਲ ਲੋਕਾਂ ਨੂੰ ਦੂਜਿਆਂ ਨਾਲੋਂ ਵਧੇਰੇ ਸਪੱਸ਼ਟ ਸਮਝਾ ਸਕਦਾ ਹੋਵੇ। ਕਿਉਂਕਿ ਮਨੁੱਖ ਜਾਤੀ ਅੱਗੇ ਅਜਿਹੀ ਕੋਈ ਸਮੱਸਿਆ ਨਹੀਂ ਹੁੰਦੀ ਜਿਸ ਦਾ ਪਦਾਰਥਕ ਹੱਲ
ਨਾ ਹੋਵੇ। ਇਸ ਲਈ ਸਾਡੇ ਆਗੂ ਸਾਥੀ ਦਾ ਤੀਜਾ ਵੱਡਾ ਗੁਣ ਹੋਣਾ ਚਾਹੀਦਾ ਹੈ ਕਿ ਉਹ ਲੋੜਵੰਦ ਮਨੁੱਖਾਂ, (ਜਿਨ੍ਹਾਂ ਨੂੰ ਪ੍ਰਾਪਤੀ ਦਾ ਫਲ ਮਿਲਣਾ ਹੈ) ਉਨ੍ਹਾਂ ਨੂੰ ਜੱਥੇਬੰਦ ਕਰਨ ਵਿਚ ਦੂਜਿਆਂ ਨਾਲੋਂ ਵਧੇਰੇ ਯੋਗਤਾ ਰਖਦਾ ਹੋਵੇ। ਸੰਖੇਪ ਵਿਚ ਸਾਨੂੰ ਅੱਜ ਅਜਿਹੇ ਆਗੂਆਂ ਦੀ ਵੱਡੀ ਗਿਣਤੀ ਵਿਚ ਲੋੜ ਹੈ ਜੋ ਸਮਾਜਿਕ ਲੋੜਾਂ ਨੂੰ ਦੂਜਿਆਂ ਨਾਲੋਂ ਵਧੇਰੇ ਸਪੱਸ਼ਟ ਸਮਝਦੇ ਹੋਣ, ਉਨ੍ਹਾ ਨੂੰ ਦੂਜਿਆਂ ਨਾਲੋਂ ਵਧੇਰੇ ਸਪੱਸ਼ਟ ਰੂਪ ਵਿਚ, ਲੋਕਾਂ ਅੱਗੇ ਰੱਖ ਸਕਦੇ ਹੋਣ ਅਤੇ ਲੋੜਾਂ ਦੀ ਪ੍ਰਾਪਤੀ ਵਾਲੇ ਲੋਕਾਂ ਨੂੰ ਦੂਜਿਆਂ ਨਾਲੋ ਵਧੇਰੇ ਸੁਯੋਗ ਢੰਗ ਨਾਲ ਜਥੇਬੰਦ ਕਰ ਸਕਦੇ ਹੋਣ।
ਸ਼ਹੀਦ-ਏ-ਆਜਮ ਭਗਤ ਸਿੰਘ ਅਜਿਹਾ ਆਗੂ ਸੀ ਜਿਸ ਵਿਚ ਇਹ ਤਿੰਨ ਗੁਣ ਦੂਜਿਆਂ ਨਾਲੋਂ
ਵਧੇਰੇ ਸਨ। ਇਹੀ ਗੁਣ ਉਸ ਨੂੰ ਆਪਣੇ ਸਾਥੀਆਂ ਵਿਚ ਆਗੂ ਸਥਾਨ ਦਿਵਾਉਂਦਾ ਸੀ। ਲੋਕ ਜਿੱਤਾਂ ਦਾ ਕਥਨ ਚੇਤੇ ਰੱਖਣਾ ਚਾਹੀਦਾ ਹੈ "ਲੋਕ ਪਹਿਲਾਂ ਵੀ ਜਿੱਤ ਸਕਦੇ ਹਨ ਜੇ ਆਗੂ ਸਿਆਣੇ ਅਤੇ ਸੁਯੋਗ ਹੋਣ"।
'ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ' ਵਿਚ ਕੁੱਦੇ ਸਾਥੀਓ ਤੁਸੀਂ ਸਮਾਜ ਨੂੰ ਸਿਆਣੇ ਅਤੇ ਸੁਯੋਗ ਆਗੂ ਦੇਣ ਦਾ ਕੰਮ ਸਫਲਤਾ ਨਾਲ ਪੂਰਾ ਕਰਨਾ ਹੈ। 'ਸਾਡਾ ਉਦੇਸ਼, ਭਗਤ ਸਿੰਘ ਦੇ ਸੁਪਨਿਆਂ ਦਾ ਦੇਸ' ਬਣਾਉਣ ਲਈ ਭਗਤ ਸਿੰਘ ਜਿਹੇ ਆਗੂ ਵਾਲੀ ਇੱਕ ਟੀਮ ਤਿਆਰ ਕਰਨਾ ਸਾਡਾ ਮੁੱਢਲਾ ਕੰਮ ਹੈ। ਹੁਣ ਤੱਕ ਦੀ ਪ੍ਰਾਪਤੀ ਦੱਸਦੀ ਹੈ ਕਿ ਅੱਜ ਆਪਣੇ ਕੋਲ ਪੰਜ ਸੌ ਦੇ ਕਰੀਬ ਆਗੂ ਸਾਥੀਆਂ ਦੀ
ਟੀਮ ਹੈ। ਇਹਨਾਂ ਆਗੂ ਸਾਥੀਆਂ ਦੀ ਟੀਮ ਵਿਚ ਸਾਰੇ ਇੱਕ ਸਾਰ ਨਹੀਂ। ਸਾਂਝੇ ਉੱਦਮ ਰਾਹੀਂ ਇਨ੍ਹਾਂ ਦੀ
ਸਰਬ-ਪੱਖੀ ਯੋਗਤਾ ਵਧਾਉਣ ਦੇ ਨਾਲ-ਨਾਲ ਇਹ ਗਿਣਤੀ ਘੱਟ ਤੋਂ ਘੱਟ ਸਮੇਂ ਵਿਚ ਦੁਗਣੀ ਕਰਨ ਦਾ
ਟੀਚਾ ਵੀ ਪੂਰਾ ਕਰਨਾ ਹੈ। ਕੁਦਰਤ-ਵਾਂਗ, ਸਮਾਜਿਕ ਜੀਵਨ ਵਿਚ ਵੀ ਗੁਣ ਅਤੇ ਗਿਣਤੀ ਦੋਵੇਂ ਮਹੱਤਵਪੂਰਨ ਹਨ। ਇਹ ਵਿਰੋਧ-ਵਿਕਾਸੀ ਤੋਰ ਤੁਰਦੇ ਹਨ। ਗੁਣ, ਗਿਣਤੀ ਵਧਾਉਂਦਾ ਹੈ, ਮੁੜ ਗਿਣਤੀ ਗੁਣ ਵਧਾਉਂਦੀ ਹੈ। ਸਾਨੂੰ ਕੇਵਲ ਪੰਜਾਬ ਲਈ ਕਰੀਬ 12700 ਪਿੰਡਾਂ ਸਹਿਰਾਂ ਵਾਸਤੇ ਸੈਂਕੜੇ-ਹਜਾਰਾਂ ਗੁਣਵਾਣ, ਯੋਗ ਆਗੂਆਂ ਦੀ ਲੋੜ ਹੈ। ਬਗੈਰ ਕਾਹਲੇ ਪਿਆਂ ਪਰ ਨਾਲ ਹੀ ਬਗੈਰ ਸਮਾਂ ਗਵਾਇਆਂ, ਅਸੀਂ ਆਪਾ ਉਸਾਰੀ ਅਤੇ ਸਾਂਝੇ ਉਦਮਾਂ ਰਾਹੀਂ, ਇਹ ਪ੍ਰਾਪਤੀ ਕਰਨੀ ਹੋਵੇਗੀ।
ਅਟੱਲ ਨੇਮ ਹੈ ਨਵਾਂ, ਪੁਰਾਣੇ ਦਾ ਸਥਾਨ ਲੈਂਦਾ ਹੈ। ਹਰ ਤਰ੍ਹਾਂ ਨਾਲ ਨਵਾਂ, ਪੁਰਾਣੇ ਦੀ ਪੈਦਾਇਸ਼ ਹੁੰਦਾ ਹੈ। ਨਵੇਂ ਨੇ ਵੀ ਸਮਾਂ ਪਾ ਕੇ ਪੁਰਾਣੇ ਹੋਣਾ ਹੁੰਦਾ ਹੈ। ਉਸ ਦੀ ਥਾਂ ਮੁੜ ਨਵੇਂ ਨੇ ਲੈਣੀ ਹੁੰਦੀ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ। ਸੱਭਿਆ ਸਮਾਜ ਵਿਚ ਪੁਰਾਣੇ ਨੂੰ, ਨਵੇਂ ਵਾਸਤੇ ਰਸਤਾ ਦੇਣਾ ਬਣਦਾ ਹੈ। ਜਦੋਂ ਪੁਰਾਣਾ ਨਵੇਂ ਨੂੰ ਰਸਤਾ ਦੇਣ ਵਿਚ ਕੁਤਾਹੀ ਕਰਦਾ ਹੈ ਤਾਂ ਨੇਮ ਅਨੁਸਾਰ, ਨਵੇਂ ਨੇ ਰਸਤਾ ਲੈਣਾ ਹੀ ਲੈਣਾ ਹੈ, ਕਿਉਂਕਿ ਪੁਰਾਣਾ ਕੇਵਲ ਆਪਣੇ ਉੱਪਰ ਹੀ ਭਰੋਸਾ ਕਰਦਾ ਹੈ, ਅਜਿਹੀ ਸਥਿਤੀ ਵਿਚ ਨਵੇਂ ਨੂੰ ਹੋਰ ਵਧੇਰੇ ਚੇਤਨ ਹੋ ਕੇ, ਪੁਰਾਣੇ ਨੂੰ ਇਹ ਵਿਸ਼ਵਾਸ ਦਵਾਉਣ 'ਤੇ ਸਮਾਂ ਲਾਉਣਾ ਪੈਂਦਾ ਹੈ, ਚਾਹੀਦਾ ਵੀ ਹੈ ਕਿ ਸਾਡੀ ਮਨਸ਼ਾ ਨੁਕਸਾਨ ਕਰਨ ਦੀ ਨਹੀਂ ਹੈ। ਅੱਜ ਕਿਉਕਿ ਸਾਡੇ ਅਰਥਚਾਰੇ, ਰਾਜਨੀਤੀ ਅਤੇ ਸਮਾਜਿਕ ਦ੍ਰਿਸ਼ ਉੱਪਰ ਨਵੇਂ ਅਤੇ ਪੁਰਾਣੇ ਦਾ ਪਾੜਾ ਕਾਫੀ ਵੱਡਾ ਹੋ ਚੁੱਕਾ ਹੈ। ਸਾਨੂੰ ਤਲਖੀ ਤੋਂ ਬਚਣ ਲਈ ਚੇਤੰਨ ਕੋਸ਼ਿਸ ਕਰਨੀ ਹੋਵੇਗੀ। ਸਾਨੂੰ ਇਹ ਭੁਲਣਾ ਨਹੀਂ ਚਾਹੀਦਾ ਕਿ ਅਸੀ ਆਪਣੇ ਤੋਂ ਪੂਰਬਲਿਆਂ ਦੀ ਪੈਦਾਇਸ਼ ਹਾਂ। ਪਾੜਾ ਜਿੰਨਾ ਵੀ ਮਰਜੀ ਹੋਵੇ ਉਹ ਸਾਡੇ ਪੂਰਬਲੇ ਹਨ। ਅਸੀਂ ਉਹਨਾਂ ਦਾ ਆਦਰ ਨਹੀਂ ਛੱਡ ਸਕਦੇ। ਪੁਰਾਣੇ ਦੀ ਹਮਾਇਤ ਜਿੱਤੇ ਬਗੈਰ, ਨਵਾਂ ਠੋਸ ਪ੍ਰਾਪਤੀ ਨਹੀਂ ਕਰ ਸਕਦਾ। ਲੋਕ ਚੇਤਨਾ ਵਿੱਚ ਉਹਨਾਂ ਦੀਆਂ ਹਾਰਾਂ-ਜਿੱਤਾ ਮੌਜੂਦ ਹਨ। ਅਸੀ ਉਨ੍ਹਾਂ ਦੀਆਂ ਹਾਰਾਂ-ਜਿੱਤਾਂ ਦੇ ਤਜ਼ਰਬੇ ਹਾਸਲ ਕਰਨੇ ਹਨ। ਸਾਡੇ ਪੂਰਬਲੇ ਆਪਣੀਆਂ ਹਾਰਾਂ ਨੂੰ ਜਿੱਤਾਂ ਵਿਚ ਬਦਲਦਾ ਦੇਖਣ ਲਈ ਬੜੇ ਬੇਤਾਬ ਹਨ। ਅਸੀ, ਨਵਿਆਂ ਨੇ ਉਨ੍ਹਾਂ ਨੂੰ ਯਕੀਨ ਦਿਵਾਉਣਾ ਹੋਵੇਗਾ ਕਿ ਇਹ ਹਾਰਾਂ, ਜਿੱਤਾਂ ਵਿਚ ਕਿੰਝ ਬਦਲ ਸਕਦੀਆਂ ਹਨ। ਬੱਸ ਉਹਨਾਂ ਨੂੰ ਯਕੀਨ ਹੋਣਾ ਚਾਹੀਦਾ ਹੈ, ਉਹ ਕੁਰਬਾਨ ਹੋਣ ਤੱਕ ਨਵੇਂ ਦੇ ਸਮਰੱਥਕ ਹੋਣਗੇ। ਕਿਉਂਕਿ ਉਹ ਆਪਣੀ ਜਵਾਨੀ ਵਿਚ ਲੋੜਾਂ ਪੂਰੀਆਂ ਨਹੀ ਕਰ ਸਕਦੇ। ਜਦੋਂ ਕਦੀ ਵੀ ਪੁਰਾਣਾ ਨਵੇਂ ਨੂੰ ਲੰਬਾ ਸਮਾਂ ਰਸਤਾ ਨਹੀ ਦਿੰਦਾ ਤਾਂ ਪਾੜਾ ਵੱਧ ਜਾਂਦਾ ਹੈ। ਵਧੇ ਪਾੜੇ ਸਮੇਂ ਨਵੇਂ ਦੀ ਮੁੜ ਸਰਗਰਮੀ ਪੁਰਾਣੇ ਨਾਲ ਤਲਖੀ ਪੈਦਾ ਕਰਦੀ ਹੈ। ਕਿਉਂਕਿ ਪੁਰਾਣਾ ਵਾਰ-ਵਾਰ ਦੀਆਂ ਅਸਫਲਤਵਾਂ ਝੱਲਣ ਕਾਰਨ ਆਪਣੇ ਮਨ ਅੰਦਰ ਇੱਕ ਭਰਮ ਪਾਲ ਲੈਂਦਾ ਹੈ ਕਿ ਕਿਤੇ ਜਿੱਤਾਂ ਲਈ ਕੁੱਦੇ ਸਨ, ਹਾਰਾਂ ਲਈ ਨਹੀਂ।
ਨਵਾਂ, ਪੁਰਾਣੇ ਦੀ ਪੈਦਾਇਸ਼ ਹੁੰਦਾ ਹੈ। ਨਵਾਂ ਪੁਰਾਣੇ ਨੂੰ ਪ੍ਰਭਾਵਿਤ ਕਰਦਾ ਹੈ। ਪੁਰਾਣਾ ਆਪਣੀ
ਪੈਦਾਇਸ਼ ਦਾ ਸਰਗਰਮ ਸਹਾਇਕ ਬਣਨ ਉੱਤੇ ਹੀ ਨਵੇਂ ਦੀ ਸ਼ਕਤੀ ਵਧਦੀ ਹੈ, ਜਿਸ ਨਾਲ ਨਵਾਂ, ਪੁਰਾਣੇ ਦਾ ਸਥਾਨ ਲੈਣ ਦੇ ਕਾਬਲ ਬਣਦਾ ਹੈ। ਇਸ ਨੇਮ ਦਾ ਉਲੰਘਣ, ਨਵਿਆਂ ਅੱਗੇ ਮੁਸਕਲਾਂ ਖੜ੍ਹੀਆਂ ਕਰਦਾ ਹੈ, ਸਮਾਜ ਵਿਚ ਜਿੱਤ ਦੀ ਥਾਂ, ਹਾਰ ਦੀ ਮਾਨਸਿਕਤਾ ਨੂੰ ਬਲ ਦਿੰਦਾ ਹੈ। ਸਮਾਜ ਅੰਦਰ, ਜੋ ਪੁਰਾਣਾ, ਨਵਂੇ ਨੂੰ ਆਪਣੀ ਪੈਦਾਇਸ ਨਹੀਂ ਸਮਝਦਾ, ਉਹ ਪੂਰਬਲਾ ਅਖਵਾਉਣ ਦਾ ਹੱਕ ਗੁਆ ਲੈਂਦਾ ਹੈ। ਨਾਲ ਹੀ ਨਵੇਂ ਵੱਲਂੋ ਪੁਰਾਣੇ ਨੂੰ ਮਿਲਣ ਵਾਲਾ ਆਦਰ ਵੀ ਗੁਆ ਲੈਂਦਾ ਹੈ। ਇਸ ਵਿਚ
ਨਵਾਂ ਦੋਸ਼ੀ ਨਹੀਂ ਹੁੰਦਾ। ਮਾਂਜਿਆ ਸਵਾਰਿਆ ਕਥਨ ਚੇਤੇ ਰੱਖਣਾ ਚਾਹੀਦਾ ਹੈ। 'ਜੇ ਤੁਸੀਂ ਬੀਤੇ 'ਤੇ ਪਸਤੌਲ ਨਾਲ ਫਾਇਰ ਕਰੋਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ'।
ਨਵੇਂ ਸਾਥੀ ਬੜੇ ਵਾਰ ਲੋਕਾਂ ਨਾਲ ਹੋਈਆਂ ਗੱਲਾਂਬਾਤਾਂ ਦਾ ਸਾਰ ਦਿੰਦਿਆਂ ਇਤਰਾਜ ਉਠਾਉਂਦੇ
ਹਨ 'ਲੋਕਾਂ ਦੀ ਸੋਚ ਬੜੀ ਮਾੜੀ ਹੈ' 'ਲੋਕ ਗਲਤ ਗੱਲ ਬਾਰੇ ਪਹਿਲਾਂ ਸੋਚਦੇ ਹਨ' 'ਚੰਗੀਆਂ ਗੱਲਾਂ ਦਾ ਲੋਕ ਮਜਾਕ ਉਡਾਉਂਦੇ ਹਨ' 'ਲੋਕਾਂ ਦੀ ਸੋਚ ਨਹੀ ਬਦਲ ਸਕਦੀ' 'ਇੱਥੇ ਕੁੱਝ ਵੀ ਨਹੀ ਹੋ ਸਕਦਾ' ਆਦਿ-ਆਦਿ।
ਸਾਥੀਓ ਇਹ ਸਵਾਲ ਬੜੇ ਮਹੱਤਵਪੂਰਨ ਹਨ। ਜੇ ਇਹਨਾਂ ਸਵਾਲਾਂ ਬਾਰੇ ਸੇਧ ਠੀਕ ਨਹੀਂ ਹੋਵੇਗੀ ਤਾਂ ਘੁੰਮਣਘੇਰੀ ਵਧੇਗੀ। ਉਲਝਣਾਂ ਪੈਦਾ ਹੋਣਗੀਆਂ, ਮਾਨਸਿਕ ਉਲਝਣ ਵਾਲਾ ਸਾਥੀ, ਆਗੂ ਭੂਮਿਕਾ ਨਹੀਂ ਨਿਭਾ ਸਕੇਗਾ। ਕੁਝ ਸਮੇਂ ਦੀ ਸਰਗਰਮੀ ਪਿੱਛੋਂ ਉਹ ਹੌਸਲਾ ਛੱਡ ਜਾਵੇਗਾ। ਉਸ ਦਾ ਹੌਸਲਾ ਛੱਡਣ ਨਿਰਾਸ਼ਾ ਨੂੰ ਜਨਮ ਦੇਵੇਗਾ। ਇਸ ਦਾ ਹੋਰ ਨਵੇਂ ਆਉਣ ਵਾਲਿਆਂ ਅਤੇ ਸਮਾਜਿਕ ਵਿਗਿਆਨ ਤੋਂ ਕੱਚੇ ਸਰਗਰਮ ਸਾਥੀਆਂ ਉਪਰ ਵੀ ਭੈੜਾ ਅਸਰ ਪਵੇਗਾ। ਅਜਿਹੇ ਪ੍ਰਭਾਵ ਤੋਂ ਬਚਣ ਲਈ ਆਗੂ ਸਾਥੀਆਂ ਨੂੰ ਚੇਤੇ ਵਿਚ ਵਸਾਉਣਾ ਚਾਹੀਦਾ ਹੈ। "ਇਕ ਸਮਾਜਵਾਦੀ ਲਈ ਚੰਗੀ ਤਰ੍ਹਾਂ ਸੋਚੇ ਸਮਝੇ ਅਤੇ ਪੱਕੀ ਤਰ੍ਹਾਂ ਗ੍ਰਹਿਣ ਕੀਤੇ ਸੰਸਾਰ ਦ੍ਰਿਸਟੀਕੋਣ ਦੀ ਲੋੜ ਹੈ, ਤਾਂ ਕਿ ਉਹ ਘਟਨਾਵਾਂ ਦੇ ਅਸਰ ਹੇਠ ਲੜਖੜਾਏ ਨਾ, ਬਲਕਿ ਘਟਨਾਵਾਂ ਉਪਰ ਕਾਬੂ ਪਾ ਸਕੇ"। ਆਗੂ ਭੂਮਿਕਾ ਨਿਭਾਉਣ ਵਾਲੇ ਸਾਥੀਆਂ ਲਈ ਸਭ ਤੋਂ ਮੁੱਢਲੀ ਲੋੜ ਪ੍ਰਪੱਕ ਸੰਸਾਰ ਦ੍ਰਿਸਟੀਕੋਣ ਦੀ ਹੈ। ਸੰਸਾਰ ਦ੍ਰਿਸਟੀਕੋਣ ਕੀ ਹੈ? ਇਹ ਸੰਸਾਰ ਨੂੰ ਦੇਖਣ-ਪਰਖਣ ਅਤੇ ਉਸ ਬਾਰੇ ਸੋਚ ਬਨਾਉਣ ਦਾ ਢੰਗ ਹੈ ਜੇ ਅਸੀਂ ਠੀਕ ਦੇਖਾਂਗੇ ਨਹੀ ਤਾਂ ਠੀਕ ਸਮਝ ਕਿਵੇਂ ਬਣ ਸਕਦੀ ਹੈ? ਜੇ ਸਮਝ ਠੀਕ ਨਹੀ ਹੋਵੇਗੀ ਤਾਂ ਸਮਝ ਅਨੁਸਾਰ ਅਮਲ ਵੀ ਠੀਕ ਕਿਵੇਂ ਹੋਵੇਗਾ? ਇਸੇ ਕਰਕੇ ਸਮਾਜਿਕ ਵਿਗਿਆਨ ਅਤੇ ਅਮਲ ਸਿਧਾਂਤਕ ਕਥਨ ਹੈ : "ਸਿਧਾਂਤ ਬਿਨਾਂ, ਅਮਲ ਅੰਨ੍ਹਾ ਹੈ, ਅਮਲ ਬਿਨਾਂ ਸਿਧਾਂਤ ਲੂਲ੍ਹਾ ਹੈ"।
ਗਲਤੀ ਤੋਂ ਬਚਣ ਲਈ ਅਸੀਂ ਸਮਾਜਿਕ-ਵਿਗਿਆਨ ਦੇ ਸਿਧਾਂਤ ਤੋਂ ਅਗਵਾਈ ਲੈ ਕੇ ਅਮਲ ਕਰਨਾ ਹੈ। ਬਹੁਤ ਪਹਿਲਾਂ ਹੱਲ ਹੋ ਚੁੱਕਾ ਹੈ ਕਿ ਹੋਂਦ ਪਹਿਲਾਂ ਹੈ ਸੋਚ ਪਿੱਛੋਂ ਹੈ। ਸੋਚ ਨੂੰ ਹਾਲਤਾਂ ਪੈਦਾ ਕਰਦੀਆਂ ਹਨ, ਅੱਗੋਂ ਸੋਚ ਹਾਲਤਾਂ 'ਤੇ ਅਸਰ ਕਰਦੀ ਹੈ। ਇਹਨਾਂ ਦਾ ਆਪਸੀ ਰਿਸਤਾ ਵਿਰੋਧ-ਵਿਕਾਸੀ ਹੈ। ਹਾਲਤਾਂ (ਪਦਾਰਥਕ) ਵਿਰੋਧ-ਵਿਕਾਸੀ ਹੁੰਦੀਆਂ ਹਨ ਇਸ ਲਈ ਸੋਚ (ਨਿਰੰਕਾਰੀ ਜਾਂ ਅ-ਪਦਾਰਥਕ) ਵੀ ਵਿਰੋਧ-ਵਿਕਾਸੀ ਹੁੰਦੀ ਹੈ। ਨਿਰੀਪੁਰੀ ਸੋਚ ਦੀ ਲੜਾਈ ਫੈਸਲਾਕੁੰਨ ਨਹੀਂ ਹੁੰਦੀ। ਅਜਿਹਾ ਨਹੀਂ ਹੁੰਦਾ ਕਿ ਵਿਚਾਰਾਂ, ਸੋਚਾਂ ਦੇ ਵਿਰੋਧ-ਵਿਕਾਸ ਵਿਚੋਂ ਇੱਕ ਭਾਰੂ ਸੋਚ ਹਾਰ ਜਾਏ ਅਤੇ ਦੂਜੀ ਜਿੱਤ ਜਾਏ। ਕਿਸੇ ਵੀ ਸੋਚ ਦੇ ਭਾਰੂ ਹੋਣ (ਜਿੱਤ ਜਾਣ) ਦਾ ਅਰਥ ਹੁੰਦਾ ਹੈ ਕਿ ਜੇਤੂ ਸੋਚ ਨੂੰ ਪੈਦਾ ਕਰਨ ਵਾਲੀਆਂ ਪਦਾਰਥਕ ਹਾਲਤਾਂ ਪਹਿਲਾਂ ਬਦਲਦੀਆਂ ਹਨ। ਸੋਚ ਵਿਚ ਜਿੱਤ-ਹਾਰ ਦਾ ਨਿਬੇੜਾ, ਪਦਾਰਥਕ ਹਾਲਤਾਂ ਦੇ ਵਿਰੋਧ-ਵਿਕਾਸ ਵਿੱਚ ਜਿੱਤ-ਹਾਰ ਤੇ ਨਿਰਭਰ ਕਰਦਾ ਹੈ। ਸੋਚ ਬਦਲਣ ਦੀ ਲੜਾਈ ਅਸਲ ਵਿਚ ਪਦਾਰਥਕ ਹਾਲਤਾਂ ਬਦਲਣ ਦੀ ਲੜਾਈ ਹੁੰਦੀ ਹੈ। ਜਿੰਨੀ ਇਹ ਲੜਾਈ ਅੱਗੇ ਵਧਦੀ ਹੈ ਓਨੀ ਹੀ ਸੋਚ ਬਦਲਣ ਦੀ ਪ੍ਰਕਿਰਿਆ ਅੱਗੇ ਵੱਧਦੀ ਹੈ। ਸਾਡੇ ਆਗੂ ਸਾਥੀਆਂ ਨੂੰ ਉਲਟ ਹਾਲਤਾਂ 'ਤੇ ਕਾਬੂ ਪਾਉਣ ਲਈ ਸਪੱਸ਼ਟ ਰਹਿਣ ਚਾਹੀਦਾ ਹੈ ਕਿ ਹਾਲਤਾਂ (ਪਦਾਰਥਕ) ਦਾ ਵਿਰੋਧ-ਵਿਕਾਸ, ਸੋਚ ਦੇ ਵਿਰੋਧ-ਵਿਕਾਸ ਵਿਚ ਪ੍ਰਗਟ ਹੁੰਦਾ ਹੈ। ਖਿਆਲਾਂ ਦੀ ਜੰਗ ਬਣਦਾ ਹੈ। ਹਾਲਤਾਂ ਬਦਲਣ ਦਾ ਘੋਲ ਅੱਗੇ ਵੱਧ ਕੇ ਸੋਚ ਬਦਲਣ ਵਿਚ ਪ੍ਰਗਟ ਹੁੰਦਾ ਹੈ। ਖਿਆਲਾਂ ਦੀ ਜੰਗ ਜਿੱਤਦਾ ਹੈ। ਅੱਗੋਂ ਇਹ ਖਿਆਲ ਮੁੜ ਹਾਲਤਾਂ ਬਦਲਣ ਵਿਚ ਮਦਦ ਕਰਦੇ ਹਨ। ਇਸ ਤਰ੍ਹਾਂ ਨਵੇਂ ਖਿਆਲਾਂ ਦਾ ਬੋਲ ਬਾਲਾ ਹੋ ਜਾਦਾ ਹੈ।
ਆਓ ਸਮਾਜਿਕ ਸਿਲਸਿਲੇ ਵਿਚ ਵੇਖੀਏ ਕੀ ਵਾਪਰਦਾ ਹੈ: ਪੰਜਾਬ ਅੰਦਰ ਲੜਕੇ, ਲੜਕੀਆਂ ਦੇ ਜਨਮ ਦਰ ਵਿਚ ਪਾੜਾ, ਪੂਰੀ ਵਸੋਂ 'ਤੇ ਅਸਰ ਕਰਦਿਆਂ ਹੁਣ 1000 ਮਰਦਾਂ ਪਿੱਛੇ 797 ਅੋਰਤਾਂ ਦੀ ਸਥਿਤੀ ਵਿੱਚ ਪੁੱਜ ਗਿਆ ਹੈ। ਅੱਜ ਤੋਂ 10 ਸਾਲ ਪਹਿਲਾਂ ਦੀ ਮਰਦਮਸੁਮਾਰੀ ਵੇਲੇ ਇਹ 1000 ਮਰਦਾਂ ਪਿੱਛੇ 882 ਅੋਰਤਾਂ ਸੀ। ਇੱਕ ਸੋਚ, ਜੋ ਲੜਕੀਆਂ ਨੂੰ, ਮਾਂ-ਬਾਪ, ਪਰਿਵਾਰ ਉੱਪਰ ਬੋਝ ਸਮਝ ਦੀ ਹੈ, ਉਹ ਜਨਮ ਤੋਂ ਪਹਿਲਾਂ ਪਤਾ ਕਰਕੇ, ਲੜਕੀ ਨੂੰ ਮਾਰ ਮੁਕਾਉਦੀ ਹੈ। ਜਿਸ ਨਾਲ ਲੜਕੀਆਂ ਦੀ ਜਨਮ ਦਰ ਘੱਟ ਰਹੀ ਹੈ। ਦੂਜੀ ਸੋਚ, ਪ੍ਰਚਾਰ ਕਰਦੀ ਹੈ ਕਿ ਅਜਿਹਾ ਕਰਨਾ ਗਲਤ ਹੈ। ਲੜਕੀਆਂ ਨਹੀ ਮਾਰਨੀਆਂ ਚਾਹੀਦੀਆਂ। ਇਹ ਪ੍ਰਚਾਰ ਉੱਚ ਸਖਸੀਅਤਾਂ, ਧਾਰਮਿਕ ਹਸਤੀਆਂ ਅਤੇ ਪਰਉਪਕਾਰੀ ਲੋਕਾਂ ਵੱਲੋਂ ਵੀ ਹੁੰਦਾ ਹੈ, ਪਰ ਨਤੀਜਾ ਦੱਸਦਾ ਹੈ ਕਿ ਨਿੱਤ ਦਿਨ ਵਧੇਰੇ ਲੜਕੀਆਂ ਨੂੰ ਜਨਮ ਲੈਣ ਤੋ ਰੋਕਿਆ-ਮਾਰਿਆ ਜਾ ਰਿਹਾ ਹੈ। ਦੋਵੇਂ ਸੋਚਾਂ ਵਿਚ ਨਾਂ ਮਾਰਨ ਵਾਲਿਆਂ ਦੀ ਸੋਚ ਮਾਨਵਵਾਦੀ ਵੀ ਹੈ, ਚੰਗੀ ਵੀ ਹੈ, ਇਸ ਦੇ ਪ੍ਰਚਾਰਕ ਵੀ ਚੰਗੇ ਹਨ, ਪਰ ਇਹ ਸੋਚ ਨੂੰ ਫਲ ਨਹੀ ਪੈ ਰਿਹਾ, ਇਹ ਜਿੱਤ ਦੀ ਨਜਰ ਨਹੀ ਆਉਂਦੀ। ਇਸ ਦੇ ਉਲਟ ਜਿਸ ਨੂੰ ਗਲਤ ਕਹਿੰਦੇ ਹਨ, ਉਹ ਸੋਚ ਅਮਲ ਵਿਚ ਆ ਰਹੀ ਹੈ। ਲੜਕੀਆਂ ਮਾਰੀਆਂ ਜਾ ਰਹੀਆਂ ਹਨ। ਜਨਮ ਦਰ ਘੱਟ ਰਹੀ ਹੈ। ਉਪਰੋਕਤ ਉਦਾਹਰਨ ਤੋ ਸਪੱਸ਼ਟ ਹੈ ਕਿ ਜੇ ਮਾਨਵਵਾਦੀ ਜਾਂ ਚੰਗੀ ਸੋਚ ਨੂੰ ਹਾਰ ਹੋ ਰਹੀ ਹੈ ਤਾਂ ਇਸ ਦਾ ਕਾਰਨ ਉਹਨਾਂ ਪਦਾਰਥਕ ਹਾਲਤਾਂ ਵਿਚ ਹੈ ਜਿਹੜੀਆਂ ਲੜਕੀਆਂ ਨੂੰ ਪਰਿਵਾਰ ਉੱਪਰ, ਮਾਂ-ਬਾਪ ਉੱਪਰ ਬੋਝ ਸਮਝਣ ਵਾਲੀ ਸੋਚ ਨੂੰ ਜਨਮ ਦਿੰਦੀ ਹਨ। ਲੜਕੀਆਂ ਨੂੰ ਬਚਾਉਣ ਲਈ, ਜਨਮ ਦਰ ਵਧਾਉਣ ਲਈ, ਕੇਵਲ ਚੰਗਾ ਪ੍ਰਚਾਰ ਕਾਫੀ ਜਾਂ ਮਹੱਤਵਪੂਰਨ ਨਹੀ, ਸਗੋਂ ਉਹਨਾਂ ਨੂੰ ਮਾਰਨ ਦੀ ਮਾਨਸਿਕਤਾ ਪੈਦਾ ਕਰਨ ਵਾਲੀਆਂ ਪਦਾਰਥਕ ਹਾਲਤਾਂ ਬਦਲਣਾ ਮਹੱਤਵਪੂਰਨ ਹੈ। ਜਦੋਂ ਲੜਕੀ ਨੂੰ ਬੋਝ ਬਣਾਉਣ ਵਾਲੀਆਂ ਪਦਾਰਥਕ ਹਾਲਤਾਂ ਬਦਲ ਜਾਣਗੀਆਂ ਉਦੋਂ ਬਿਨ੍ਹਾਂ ਪ੍ਰਚਾਰ ਕੀਤਿਆਂ ਵੀ ਲੜਕੀਆਂ ਮਾਰਨਾ ਬੰਦ ਹੋ ਜਾਵੇਗਾ।
ਮੰਨ ਲਓ ਸਮਾਜ (ਸਰਕਾਰ) ਜੁੰਮਵਾਰੀ ਚੁੱਕਦਾ ਹੈ ਕਿ ਹਰ ਬੱਚੇ ਨੂੰ (ਸਮੇਤ ਲੜਕੀ) ਲਾਜਮੀ ਅਤੇ ਮੁਫਤ ਵਿੱਦਿਆ ਹੋਵੇਗੀ। ਪੜ੍ਹਾਈ ਪੂਰੀ ਕਰਨ ਤੇ 18 ਸਾਲ ਦੀ ਉਮਰ ਤੋਂ ਉਸਨੂੰ ਕੰਮ ਜਰੂਰ ਮਿਲੇਗਾ ਜਾਂ ਘੱਟੋ-ਘੱਟ ਉਜਰਤ-ਤਨਖਾਹ ਦੇ ਕਾਨੂੰਨ ਅਨੁਸਾਰ 2025 ਰੁਪਏ ਪ੍ਰਤੀ ਮਹੀਨਾ ਮਿਲਣਗੇ। ਦੇਖੋ ਜਦੋਂ ਇਸ ਦੀ ਗਾਰੰਟੀ ਹੋਵੇਗੀ, ਇਹ ਅਮਲ ਵਿਚ ਵਾਪਰੇਗਾ ਤਾਂ ਕੋਈ ਵੀ ਮਾਂ-ਬਾਪ ਆਪਣੀ ਬੱਚੀ ਨੂੰ ਨਹੀਂ ਸਮਝੇਗਾ, ਉਹ ਉਸ ਨੂੰ ਨਹੀ ਮਾਰੇਗਾ। ਅਜਿਹੀਆਂ ਪਦਾਰਥਕ ਹਾਲਤਾਂ (ਜਦੋ ਲੜਕੀ ਬੋਝ ਹੋਵੇਗੀ) ਵਿਚ ਬਿਨ੍ਹਾਂ ਪ੍ਰਚਾਰ ਕੀਤਿਆਂ ਵੀ ਲੜਕੀਆਂ ਨੂੰ ਕੋਈ ਨਹੀ ਮਾਰੇਗਾ। ਫਿਰ ਕਿਸੇ ਚੰਗੀ ਸਖਸੀਅਤ, ਧਾਰਮਿਕ ਹਸਤੀ ਜਾਂ ਪਰਉਪਕਾਰੀ ਦੀ ਲੋੜ ਵੀ ਨਹੀਂ ਹੋਵੇਗੀ। ਉਹ ਵੀ ਵੇਹਲੇ (ਫਾਲਤੂ) ਹੋਣਗੇ। ਸਾਡੇ ਆਗੂ ਸਾਥੀਆਂ ਨੂੰ ਜਾਦ ਯਾਦ ਰੱਖਣਾ ਚਾਹੀਦਾ ਹੈ ਕਿ ਸੋਚ ਬਦਲਣ ਦੀ ਲੜਾਈ, ਉਸ ਸੋਚ ਨੂੰ ਜਨਮ ਦਿੰਦੀਆਂ ਹਾਲਤਾਂ (ਪਦਾਰਥਕ) ਬਦਲਣ ਦੀ ਲੜਾਈ ਹੁੰਦੀ ਹੈ। ਖੁਸ਼ੀ ਦੀ ਗੱਲ ਹੈ ਕਿ 'ਰੁਜ਼ਗਾਰ ਪ੍ਰਾਪਤੀ ਚੇਤਨਾ ਮੁੰਹਿਮ' ਵਿੱਚ ਕੁੱਦੇ ਸਾਥੀਆਂ ਦਾ ਵਿੱਢਿਆ ਪ੍ਰੋਗਰਾਮ ਹਾਲਤਾਂ ਬਦਲਣ ਦੀ ਲੜਾਈ ਹੈ ਜੋ ਨਵੀਆਂ ਸੋਚਾਂ ਨੂੰ ਅੱਗੇ ਲਿਆਵੇਗਾ।

ਜਗਰੂਪ ਸਿੰਘ
ਮਾਰਚ, 2002